ਕਿਸਾਨਾਂ ਨੇ ਘੇਰਿਆ ਭਾਜਪਾ ਲੀਡਰ (BJP leader surrounded by farmers)



ਬਰਨਾਲਾ ਦੇ ਰੈਸਟ ਹਾਊਸ ਵਿਖੇ ਭਾਜਪਾ ਆਗੂਆਂ ਵੱਲੋਂ ਇਨ੍ਹਾਂ ਖੇਤੀ ਬਿਲਾਂ ਦੇ ਹੱਕ ਵਿੱਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਅਤੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਸਮਝਾਉਣ ਦੀ ਗੱਲ ਆਖੀ ਗਈ।

ਦੂਜੇ ਪਾਸੇ, ਇਸ ਦੇ ਵਿਰੋਧ ਵਿੱਚ ਭਾਜਪਾਈਆਂ ਦੀ ਇਸ ਪ੍ਰੈੱਸ ਕਾਨਫਰੰਸ ਦਾ ਕਿਸਾਨਾਂ ਵੱਲੋਂ ਵਿਰੋਧ ਕਰਦਿਆਂ, ਉਨ੍ਹਾਂ ਨੂੰ ਰੈਸਟ ਹਾਊਸ ਵਿਖੇ ਘੇਰਿਆ ਗਿਆ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਘੇਰ ਕੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਇਹ ਖੇਤੀ ਵੱਲ ਕਿਸਾਨਾਂ ਲਈ ਬੇਹੱਦ ਨੁਕਸਾਨਦਾਇਕ ਹਨ ਅਤੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰ ਦੇਣਗੇ। ਜਿਸ ਕਰਕੇ ਇਨ੍ਹਾਂ ਬਿੱਲਾਂ ਦੀ ਹਮਾਇਤ ਕਰਨ ਵਾਲੇ ਭਾਜਪਾਈਆਂ ਦਾ ਪਿੰਡਾਂ ਵਿੱਚ ਵੜ੍ਹਨ 'ਤੇ ਘਿਰਾਓ ਕੀਤਾ ਜਾਵੇਗਾ।
ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅਤੇ ਮਹਿੰਦਰ ਸਿੰਘ ਵੜੈਚ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਇਹ ਖੇਤੀ ਬਿੱਲ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰ ਦੇਣਗੇ, ਜਿਸ ਕਰਕੇ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਨ ਲਈ ਪੰਜਾਬ ਦੇ ਕਿਸਾਨ ਸੜਕਾਂ ' ਤੇ ਉਤਰੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਾਜਪਾ ਦੇ ਲੀਡਰਾਂ ਨੇ ਜਿੱਥੇ ਪੰਜਾਬ ਦੇ ਕਿਸਾਨਾਂ ਦੇ ਦੁੱਖ ਦਰਦ ਦੀ ਗੱਲ ਕੇਂਦਰ ਤੱਕ ਪਹੁੰਚਾਉਣੀ ਸੀ, ਪਰ ਇਸ ਦੇ ਉਲਟ ਇਹ ਲੀਡਰ ਕੇਂਦਰ ਦੀ ਗੱਲ ਲਿਆ ਕੇ ਪੰਜਾਬ ਦੇ ਕਿਸਾਨਾਂ 'ਤੇ ਸੁੱਟ ਰਹੇ ਹਨ। ਜੇਕਰ ਇਹ ਭਾਜਪਾ ਦੇ ਲੀਡਰ ਪੰਜਾਬ ਦੇ ਪਿੰਡਾਂ ਵਿੱਚ ਵੜੇ ਤਾਂ ਇਨ੍ਹਾਂ ਨੂੰ ਘਿਰਾਓ ਕਰਕੇ ਬੰਦੀ ਬਣਾਇਆ ਜਾਵੇਗਾ। ਕਿਉਂਕਿ ਹੁਣ ਪੰਜਾਬ ਦੇ ਕਿਸਾਨਾਂ ਦਾ ਸਬਰ ਟੁੱਟ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ 25 ਸਤੰਬਰ ਨੂੰ ਪੂਰੇ ਪੰਜਾਬ ਦੇ ਕਿਸਾਨ ਸੜਕਾਂ ਤੇ ਉੱਤਰ ਕੇ ਪੰਜਾਬ ਬੰਦ ਨੂੰ ਸਫਲ ਕਰਨਗੇ। ਕਿਸਾਨਾਂ ਨੇ ਕਿਹਾ ਕਿ ਅੱਜ ਭਾਜਪਾ ਦੀ ਪ੍ਰੈੱਸ ਕਾਨਫਰੰਸ ਦਾ ਵਿਰੋਧ ਕਰਨਾ ਉਨ੍ਹਾਂ ਦਾ ਮਕਸਦ ਇਹੀ ਹੈ ਕਿ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੋ ਨਹੀਂ ਇਸ ਦਾ ਖਮਿਆਜ਼ਾ ਬਹੁਤ ਮਹਿੰਗਾ ਭੁਗਤਨਾ ਪਵੇਗਾ।

ਉਧਰ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਭਾਜਪਾ ਦੇ ਸੂਬਾ ਆਗੂ ਦਰਸ਼ਨ ਸਿੰਘ ਨੈਣੇਵਾਲ ਨੇ ਕਿਹਾ ਕਿ ਇਹ ਬਿੱਲ ਕਿਸਾਨਾਂ ਦੇ ਪੱਖ ਵਿੱਚ ਹਨ। ਭਾਜਪਾ ਵਿਰੋਧੀ ਕਾਂਗਰਸ ਅਤੇ ਹੋਰ ਸਿਆਸੀ ਪਾਰਟੀ ਕਿਸਾਨਾਂ ਨੂੰ ਗੁਮਰਾਹ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਨਾਲ ਫਸਲਾਂ ਦੀ ਐੱਮ ਐੱਸ ਪੀ ਅਤੇ ਖਰੀਦ 'ਤੇ ਕੋਈ ਅਸਰ ਨਹੀਂ ਪਵੇਗਾ , ਉਹ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਇਨ੍ਹਾਂ ਬਿੱਲਾਂ ਸਬੰਧੀ ਜਾਗਰੂਕ ਕਰਨਗੇ ।

Comments