ਸਿਰ ਚੜ੍ਹ ਬੋਲਿਆ ਇਸ਼ਕ, 100 ਫੁੱਟ ਉਚੇ ਟਾਵਰ ਉਤੇ ਚੜ੍ਹੀ ਪ੍ਰੇਮਿਕਾ Spoken love, girlfriend climbing a 100 feet high tower

ਮਾਛੀਵਾੜਾ ਬੇਟ ਖੇਤਰ 'ਚ, ਜਿੱਥੇ ਪਿਆਰ ਵਿੱਚ ਅੰਨ੍ਹੀ ਹੋਈ ਇਕ ਕੁੜੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਫ਼ਿਲਮੀ ਸਟਾਈਲ 'ਚ ਹਾਈ ਵੋਲਟੇਜ ਬਿਜਲੀ ਦੇ ਟਾਵਰ ਉਤੇ ਜਾ ਚੜ੍ਹੀ। ਜਾਣਕਾਰੀ ਅਨੁਸਾਰ ਮੂਲ ਰੂਪ ਉਤੇ ਬਿਹਾਰ ਦੇ ਰਹਿਣ ਵਾਲੇ ਇਕ ਮਜ਼ਦੂਰ ਪਰਿਵਾਰ ਦੀ ਲੜਕੀ ਦੇ ਪ੍ਰੇਮ ਸਬੰਧ ਯੂਪੀ ਤੋਂ ਆਏ ਇਕ ਨੌਜਵਾਨ ਨਾਲ ਬਣ ਗਏ ਪਰ ਕੁੜੀ ਦੇ ਪਰਿਵਾਰਕ ਮੈਂਬਰਾਂ ਵਲੋਂ ਦੋਵਾਂ ਦਾ ਵਿਆਹ ਕਰਵਾਉਣ ਤੋਂ ਇਹ ਤਰਕ ਦੇ ਕੇ ਇਨਕਾਰ ਕਰ ਦਿੱਤਾ ਕਿ ਮੁੰਡਾ ਕੁੜੀ ਨਾਲੋਂ ਜ਼ਿਆਦਾ ਉਮਰ ਦਾ ਹੈ ਅਤੇ ਦੂਜਾ ਉਸਦੇ ਪਿਛੋਕੜ ਬਾਰੇ ਜਾਣਕਾਰੀ ਨਹੀਂ ਅਤੇ ਇਹ ਵੀ ਨਹੀਂ ਸੀ ਪਤਾ ਕਿ ਉਹ ਕੁਵਾਰਾ ਹੈ ਕੇ ਸ਼ਾਦੀਸ਼ੁਦਾ।

ਦੂਜੇ ਪਾਸੇ ਕੁੜੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਜ਼ਿਦ ਉਤੇ ਅੜੀ ਹੋਈ ਸੀ ਤੇ ਆਖਰ ਪਰਿਵਾਰਕ ਮੈਂਬਰਾਂ ਨੇ ਇਹ ਸ਼ਰਤ ਰੱਖ ਦਿੱਤੀ ਕਿ ਮੁੰਡਾ ਆਪਣੀ ਪ੍ਰੇਮਿਕਾ ਦੇ ਨਾਮ 'ਤੇ 50 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਤਾਂ ਜੋ ਕੁੜੀ ਦਾ ਭਵਿੱਖ ਸੁਰੱਖਿਅਤ ਰਹੇ। ਅਜੇ ਇਸ ਬਾਰੇ ਦੋਵਾਂ ਪਰਿਵਾਰਾਂ 'ਚ ਗੱਲਬਾਤ ਚੱਲ ਹੀ ਰਹੀ ਸੀ ਕਿ ਕੁੜੀ ਆਪਣੇ ਪ੍ਰੇਮੀ ਨਾਲ ਵਿਆਹ ਦੀ ਜ਼ਿਦ ਨੂੰ ਲੈ ਕੇ 100 ਫੁੱਟ ਉਚੇ ਹਾਈਵੋਲਟੇਜ਼ ਬਿਜਲੀ ਦੇ ਟਾਵਰ 'ਤੇ ਜਾ ਚੜੀ। ਕੁੜੀ ਦੀ ਜ਼ਿਦ ਸੀ ਕਿ ਜੇਕਰ ਉਸ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਨਾ ਹੋਇਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ।

ਇਸ ਗੱਲ ਦੀ ਸੂਚਨਾ ਮਿਲਦੀਆਂ ਹੀ ਸ਼ੇਰਪੁਰ ਪੁਲਿਸ ਚੌਂਕੀ ਦੇ ਮੁਲਾਜਮ ਵੀ ਮੌਕੇ ਉਤੇ ਪਹੁੰਚ ਗਏ ਅਤੇ ਉਨ੍ਹਾੰ ਨੇ ਬਿਜਲੀ ਸਪਲਾਈ ਕਟਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਵੱਡੇ ਟਾਵਰਾਂ ਦੀ ਸਪਲਾਈ ਇਲਾਕੇ ਦੇ ਅਧਕਾਰੀਆਂ ਦੇ ਕੰਟਰੋਲ 'ਚ ਨਾ ਹੋਣ ਕਾਰਨ ਸਪਲਾਈ ਬੰਦ ਨਹੀਂ ਕਰਵਾ ਸਕੇ।

ਬਿਜਲੀ ਟਾਵਰ ਉਤੇ ਚੜੀ ਕੁੜੀ ਨੂੰ ਹੇਠਾਂ ਉਤਾਰਨ ਦੀਆਂ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਹ ਨਾ ਉਤਰੀ, ਅਖੀਰ ਉਸ ਦੇ ਪ੍ਰੇਮੀ ਨੂੰ ਬੁਲਾਇਆ ਗਿਆ ਅਤੇ ਪ੍ਰੇਮੀ ਨੇ ਉਸ ਨੂੰ ਹੇਠਾਂ ਖੜ੍ਹ ਕੇ ਆਵਾਜ਼ਾਂ ਮਾਰ ਭਰੋਸਾ ਦਿਵਾਇਆ ਕਿ ਉਹ ਉਸ ਨਾਲ ਹੀ ਵਿਆਹ ਕਰਵਾਏਗਾ। ਫਿਰ ਕੀ ਸੀ ਆਪਣੇ ਪ੍ਰੇਮੀ ਦੇ ਬੁਲਾਵੇ 'ਤੇ ਕੁੜੀ ਬੜੀ ਮੁਸ਼ਕਲ ਨਾਲ ਟਾਵਰ ਤੋਂ ਹੇਠਾਂ ਆਈ ਅਤੇ ਉਸ ਨੇ ਭੱਜ ਕੇ ਫ਼ਿਲਮੀ ਸਟਾਈਲ ਆਪਣੇ ਪ੍ਰੇਮੀ ਨੂੰ ਬਾਹਾਂ ਵਿੱਚ ਲੈ ਲਿਆ। ਟਾਵਰ ਤੋਂ ਹੇਠਾਂ ਉਤਰ ਪ੍ਰੇਮਿਕਾ ਨੇ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰ ਓਹਨਾਂ ਦੇ ਵਿਆਹ ਦੇ ਵਿਰੁੱਧ ਹਨ ਪਰ ਉਹ ਆਪਣੇ ਪ੍ਰੇਮੀ ਤੋਂ ਬਿਨ੍ਹਾਂ ਨਹੀਂ ਰਹਿ ਸਕਦੀ, ਇਸ ਲਈ ਉਸ ਨੇ ਅਜਿਹਾ ਖ਼ਤਰਨਾਕ ਕਦਮ ਚੁੱਕਿਆ। ਫਿਲਹਾਲ ਪ੍ਰੇਮਕਾ ਨੂੰ ਉਸਦੇ ਪਰਿਵਾਰ ਨਾਲ ਘਰ ਭੇਜ ਦਿੱਤਾ ਗਿਆ ਹੈ।

Comments