ਸੁਖਬੀਰ ਦੇ ਬਿਆਨ 'ਤੇ 'ਤੱਤੇ' ਹੋਏ ਭਗਵੰਤ ਮਾਨ (Bhagwant Mann gets 'hot' on Sukhbir's statement)




 ਜਲੰਧਰ : ਕੇਂਦਰ ਦੇ ਖੇਤੀ ਆਰਡੀਨੈਂਸਾਂ 'ਤੇ ਘਮਾਸਾਣ ਲਗਾਤਾਰੀ ਜਾਰੀ ਹੈ। ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਦਾ ਠੋਕਵਾਂ ਜਵਾਬ ਦਿੱਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਭਗਵੰਤ ਮਾਨ ਸਦਨ ਵਿਚ ਇਨ੍ਹਾਂ ਆਰਡੀਨੈਂਸਾਂ ਦੇ ਵਿਰੋਧ ਵਿਚ ਵੋਟ ਕੀਤੇ ਬਿਨਾਂ ਹੀ ਬਾਹਰ ਆ ਗਏ। ਸਦਨ ਵਿਚ ਹਾਜ਼ਰੀ ਭਰਨ ਤੋਂ ਪਹਿਲਾਂ ਦਿੱਲੀ ਤੋਂ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਵਿਚ ਕੁਝ ਹੋਰ, ਪਾਰਲੀਮੈਂਟ ਵਿਚ ਕੁਝ ਹੋਰ ਅਤੇ ਪਾਰਲੀਮੈਂਟ ਤੋਂ ਬਾਹਰ ਕੁੱਝ ਹੋਰ ਕਹਿੰਦੇ ਹਨ। ਮਾਨ ਨੇ ਕਿਹਾ ਕਿ ਜਿਹੜੀ ਵੋਟਿੰਗ ਦੀ ਗੱਲ ਸੁਖਬੀਰ ਬਾਦਲ ਕਰ ਰਹੇ ਹਨ, ਉਹ ਤਾਂ ਕੱਲ੍ਹ ਹੋਈ ਹੀ ਨਹੀਂ, ਫਿਰ ਕਿੱਥੇ ਸੁਖਬੀਰ ਬਾਦਲ ਵੋਟਿੰਗ ਕਰਕੇ ਆਏ ਹਨ। 

ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਮੰਤਰੀ ਹਨ ਅਤੇ ਜਿਸ ਦਿਨ ਕੇਂਦਰੀ ਕੈਬਨਿਟ ਵਿਚ ਇਹ ਬਿੱਲ 'ਤੇ ਸਹਿਮਤੀ ਹੋਈ ਸੀ ਤਾਂ ਉਸ ਦਿਨ ਹਰਸਿਮਰਤ ਨੇ ਵਿਰੋਧ ਕਿਉਂ ਨਹੀਂ ਜਤਾਇਆ। ਇਸ ਤੋਂ ਇਲਾਵਾ ਸੁਖਬੀਰ ਬਾਦਲ ਅਤੇ ਵੱਡੇ ਬਾਦਲ ਵੀ ਇਸ ਬਿੱਲ ਦੇ ਹੱਕ ਵਿਚ ਭੁਗਤਦੇ ਆਏ ਹਨ। ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਵੋਟਿੰਗ ਦੇ ਮਾਮਲੇ ਵਿਚ ਬਿਲਕੁਲ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸੰਸਦ ਵਿਚ ਵੋਟਿੰਗ ਹੋਈ ਤਾਂ ਆਮ ਆਦਮੀ ਪਾਰਟੀ ਦੀ ਇਕੋ ਇਕ ਵੋਟ ਇਸ ਆਰਡੀਨੈਂਸ ਦੇ ਵਿਰੋਧ ਵਿਚ ਹੀ ਭੁਗਤੇਗੀ।


Comments