ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ 'ਤੇ ਹੋਏ ਹਮਲੇ ਦੀ ਐਸਆਈਟੀ ਵੱਲੋਂ ਜਾਂਚ ਸ਼ੁਰੂ (SIT launches probe into attack on Suresh Raina's relatives)
ਪਠਾਨਕੋਟ: ਬੀਤੇ ਦਿਨੀਂ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰ ਕੁਝ ਅਣਪਛਾਤੇ ਲੋਕਾਂ ਨੇ ਲੁੱਟ-ਖੋਹ ਦੇ ਮਕਸਦ ਨਾਲ ਹਮਲਾ ਕੀਤਾ। ਇਸ 'ਚ ਸੁਰੇਸ਼ ਦੇ ਫੁੱਫੜ ਦੀ ਮੌਕੇ 'ਤੇ ਹੀ ਮੌਤ ਹੋ ਗਈ, ਤੇ ਗੰਭੀਰ ਜ਼ਖ਼ਮੀ ਹਸਪਤਾਲ ਦਾਖਲ ਸੀ। ਇਸ ਤੋਂ ਬਾਅਦ ਰੈਨਾ ਦੇ ਕਜ਼ਨ ਭਰਾ ਦੀ ਵੀ ਮੌਤ ਹੋ ਗਈ। ਸੁਰੇਸ਼ ਰੈਨਾ ਨੇ ਇਸ ਘਟਨਾ ਦੀ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਅਪੀਲ ਕੀਤੀ ਸੀ।
ਰੈਨਾ ਦੇ ਟਵੀਟ ਤੋਂ ਬਾਅਦ ਕੈਪਟਨ ਨੇ ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਵਿੱਚ ਐਸਆਈਟੀ ਦਾ ਗਠਨ ਕਰ ਦਿੱਤਾ। ਬਾਰਡਰ ਰੇਂਜ ਦੇ ਆਈਜੀ ਐਸਪੀਐਸ ਪਰਮਾਰ ਨੇ ਇਸ ਬਾਰੇ ABP Sanjha ਨੂੰ ਦੱਸਿਆ ਕਿ ਐਸਆਈਟੀ ਨੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਆਈਜੀ ਪਰਮਾਰ ਨੇ ਦੱਸਿਆ ਕਿ ਐਸਆਈਟੀ ਦੇ ਗਠਨ ਤੋਂ ਪਹਿਲਾਂ ਹੀ ਉਹ ਖੁਦ ਦੋ ਵਾਰ ਘਟਨਾ ਸਥਾਨ ਦਾ ਦੌਰਾ ਕਰ ਚੁੱਕੇ ਹਨ। ਆਈਜੀ ਨੇ ਅੱਗ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦੇ ਘਰ ਹੋਈ ਇਸ ਵਾਰਦਾਤ ਦੌਰਾਨ ਲੁੱਟ-ਖੋਹ ਦੇ ਵੀ ਸਬੂਤ ਮਿਲੇ ਪਰ ਪੁਲਿਸ ਵੱਲੋਂ ਹਰ ਐਂਗਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਪਰਮਾਰ ਨੇ ਏਬੀਪੀ ਸਾਂਝਾ ਨੂੰ ਇਹ ਵੀ ਦੱਸਿਆ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਜਿਨ੍ਹਾਂ ਸ਼ੱਕੀ 35 ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਹੈ, ਉਸ ਬਾਰੇ ਉਹ ਕੋਈ ਵੀ ਟਿੱਪਣੀ ਕਰਨਾ ਨਹੀਂ ਚਾਹੁੰਦੇ ਕਿਉਂਕਿ ਜੋ ਡੀਜੀਪੀ ਨੇ ਕਿਹਾ ਉਹ ਬਿਲਕੁਲ ਸਹੀ ਹੈ ਪਰ ਉਹ ਜ਼ਿਆਦਾ ਕੁਝ ਨਹੀਂ ਕਹਿ ਸਕਦੇ।

Comments
Post a Comment